"ਸ. ਜੋਗਿੰਦਰ ਸਿੰਘ ਕੈਰੋਂ ਅਤੇ ਜੋਗਿੰਦਰ ਸਿੰਘ ਫੁੱਲ ਜੀ ਵਲੋਂ ਸੰਪਾਦਤ ਮਾਲਵਾ ਪੰਜਾਬੀ ਲੇਖਕ ਕੋਸ਼ 2019 “ਮਾਲਵੇ ਦੇ ਮੋਤੀ” ਦੇ ਪੰਨਾ ਨੰਬਰ 423 ਉਪਰ ਸੁਖਦੇਵ ਰਾਮ ਸੁੱਖੀ ਦਾ ਨਾਮ ਪੜਿ੍ਹਆ ਤਾਂ ਮੈਂ ਬਹੁਤ ਖੁਸ਼ ਹੋਇਆ। ਜਿਸ ਵਿੱਚ ਉਹਨਾਂ ਨੇ ਲੇਖਕ ਦੀਆਂ ਲਿਖਤਾਂ ਬਹਾਦਰ ਅਤੇ ਦੇਸ਼ ਲਈ ਕੁਰਬਾਨ ਹੋਣ ਵਾਲੀਆਂ ਅਣਗੌਲੀਆਂ ਔਰਤਾਂ ਬਾਰੇ ਆਪਣੇੇ ਵਿਚਾਰ ਦੱਸੇ ਹੋਏ ਸਨ। ਸੁੱਖੀ ਭਾਅ ਜੀ ਨਵਯੁਗ ਲਿਖਾਰੀ ਸਭਾ ਖੰਨਾ ਦੇ ਜਨਰਲ ਸਕੱਤਰ ਹਨ। ਹੁਣ ਇਨ੍ਹਾਂ ਨੇ 14 ਮਹਾਨ “ਸਿਦਕਵਾਨ ਔਰਤਾਂ” ਦੀ ਜੀਵਨੀ ਲਿਖਕੇ ਜੋ ਕਿਤਾਬ ਦੇ ਰੂਪ ਵਿੱਚ ਪੇਸ਼ ਕੀਤੀ ਹੈ, ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਜਿਸ ਦਿਨ ਮੈਂ ਮਾਲਵੇ ਦੇ ਮੋਤੀ ਵਿੱਚ ਲਿਖਿਆ ਪੜਿ੍ਹਆ ਸੀ ਮੈਂ ਉਸੇ ਦਿਨ ਲੇਖਕ ਨੂੰ ਕਿਹਾ ਸੀ ਇਹ ਇੱਕ ਅਲੂਣੀ ਸਿਲ ਹੈ। ਇੱਥੇ ਤੁੱਕਾ ਨਹੀਂ ਚਲਦਾ ਸਗੋਂ ਤੱਥ ਇਕੱਠੇ ਕਰਕੇ ਲਿਖਣਾ ਪੈਣਾ ਹੈ। ਲੇਖਕ ਸੁੱਖੀ ਭਾਅ ਜੀ ਨੇ ਪੂਰੀ ਸ਼ਿੱਦਤ ਨਾਲ ਇਨ੍ਹਾਂ ਵੀਰਾਂਗਣਾਂ ਦੇ ਜੀਵਨ ਸਬੰਧੀ ਸਮੱਗਰੀ ਇਕੱਠੀ ਕਰਕੇ ਸਾਨੂੰ ਉੁਹਨਾਂ ਮਹਾਨ ਔਰਤਾਂ ਦੇ ਦਰਸ਼ਨ ਕਰਵਾ ਦਿੱਤੇ ਹਨ, ਜਿਨ੍ਹਾਂ ਬਾਰੇ ਅਸੀਂ ਸੁਣਿਆ ਹੀ ਨਹੀਂ ਸੀ। ਲੇਖਕ ਨੂੰ ਨਵਯੁਗ ਲਿਖਾਰੀ ਸਭਾ ਖੰਨਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਨ ਵਲੋਂ ਬਹੁਤ ਬਹੁਤ ਮੁਬਾਰਕਾਂ। ਹਰਭਜਨ ਸਿੰਘ ਬਾਈ ਜੀ, ਪ੍ਰਧਾਨ ਨਵਯੁਗ ਲਿਖਾਰੀ ਸਭਾ ਖੰਨਾ।"